ਜਲੰਧਰ ਚੋਣ- ਲੋਕਾਂ ਦੀ ਚੁੱਪ ਨੇ ,ਲੀਡਰਾਂ ਨੂੰ ਲਾਇਆ ਧੁੜਕੂ

ਅਸ਼ੋਕ ਵਰਮਾ, ਜਲੰਧਰ 8 ਮਈ 2023
      ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਕੀਤੇ ਜਾ ਰਹੇ ਧੂੰਆਂਧਾਰ ਪ੍ਰਚਾਰ ਦੇ ਬਾਵਜੂਦ ਵੋਟਰਾਂ ਵੱਲੋਂ ਧਾਰੀ ਭੇਦ ਭਰੀ ਚੁੱਪ ਨੇ ਸਿਆਸੀ ਧਿਰਾਂ ਨੂੰ ਧੁਰ ਅੰਦਰ ਤੱਕ ਧੁੜਕੂ ਲਾਇਆ ਹੋਇਆ ਹੈ। ਵੋਟਰ ਆਪਣੇ ਦਿਲ ਦਾ ਭੇਤ ਨਹੀਂ ਦੇ ਰਹੇ ਬਲਕਿ  ਹਰੇਕ ਪਾਰਟੀ  ਨੂੰ ਵੋਟਾਂ ਪਾਉਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ l  ਧਰਵਾਸਿਆਂ ਦੇ ਬਾਵਜੂਦ  ਉਮੀਦਵਾਰ ਹੌਸਲਾ ਨਹੀਂ ਫੜ੍ਹ ਰਹੇ ਹਨ ।  ਪੰਜਾਬ ਦੀ ਇਕ ਵੱਡੀ ਸਿਆਸੀ ਪਾਰਟੀ ਦੇ ਯੂਥ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਇਹ ਗੱਲ ਮੰਨੀ ਹੈ। ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਕਾਂਗਰਸ ਦੇ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਕਰਵਾਈ ਜਾ ਰਹੀ ਹੈ ਜੋ ਰਾਹੁਲ ਗਾਂਧੀ ਦੀ ਪੈਦਲ ਯਾਤਰਾ ਦੌਰਾਨ ਹੋਈ ਸੀ।
                  ਜਲੰਧਰ ਲੋਕ ਸਭਾ ਹਲਕਾ ਪੰਜਾਬ  ਦੇ ਅਜਿਹੇ ਹਲਕਿਆਂ ’ਚ ਸ਼ੁਮਾਰ ਹੁੰਦਾ  ਹੈ, ਜਿੱਥੋਂ ਕਈ ਵੱਡੇ ਸਿਆਸਤਦਾਨ ਚੋਣਾਂ ਜਿੱਤੇ ਹਨ। ਇਸ ਹਲਕੇ ਵਿੱਚ ਕਾਂਗਰਸ  ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ , ਸੱਤਾਧਾਰੀ  ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ, ਅਕਾਲੀ ਦਲ ਦੇ ਸੁਖਵਿੰਦਰ ਸੁੱਖੀ ਅਤੇ ਭਾਰਤੀ ਜਨਤਾ ਪਾਰਟੀ ਇਕਬਾਲ ਇੰਦਰ ਸਿੰਘ ਅਟਵਾਲ  ਵਿਚਕਾਰ ਫਸਵਾਂ ਮੁਕਾਬਲਾ  ਹੈ। ਭਾਵੇਂ ਸਾਰੀਆਂ ਹੀ ਸਿਆਸੀ ਧਿਰਾਂ ਜਿੱਤ ਦੇ ਦਾਅਵੇ ਕਰਦੀਆਂ ਹਨ ਪਰ ਹਾਲ ਦੀ ਘੜੀ ਲੀਡਰ ਲੋਕਾਂ ਦੇ ਦਿਲਾਂ ਦੀ ਘੁੰਡੀ ਖੋਲ੍ਹਣ ਵਿੱਚ ਫੇਲ੍ਹ ਰਹੇ ਹਨ। ਇਹੋ ਕਾਰਨ ਹੈ ਕਿ ਵੱਡੇ ਸਿਆਸੀ ਲੀਡਰ ਆਪੋ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦੀ ਖ਼ਾਤਰ  ਵੋਟਰਾਂ ਦੇ ਘਰਾਂ ਦੇ ਕੁੰਡੇ ਖੜਕਾਉਂਣ ਦੇ ਮਾਮਲੇ ਵਿਚ ਕੋਈ ਕਸਰ ਬਾਕੀ ਨਹੀ ਛੱਡ ਰਹੇ  ਹਨ।
       ਪ੍ਰਾਪਤ ਜਾਣਕਾਰੀ ਅਨੁਸਾਰ1952 ਤੋਂ ਲੈ ਕੇ 2019 ਤੱਕ ਲੋਕ ਸਭਾ ਦੀਆਂ ਹੋਈਆਂ ਚੋਣਾਂ ਦੌਰਾਨ ਕਾਂਗਰਸ  ਸਿਰਫ਼ ਚਾਰ ਵਾਰ ਹਾਰੀ ਹੈ। ਇਸ ਹਲਕੇ ਨੂੰ ਕਾਂਗਰਸ ਦੀ ਰਵਾਇਤੀ ਸੀਟ ਮੰਨਿਆ ਜਾਂਦਾ ਹੈ। ਜਲੰਧਰ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਹਨ ਜਿਹਨਾਂ ਵਿੱਚੋਂ ਚਾਰ ਰਾਖਵੇਂ ਹਨ। ਇਨ੍ਹਾਂ ਹਲਕਿਆਂ ਵਿਚ ਜਲੰਧਰ ਛਾਉਣੀ, ਜਲੰਧਰ ਉੱਤਰੀ, ਜਲੰਧਰ ਪੱਛਮੀ ,ਜਲੰਧਰ ਕੇਂਦਰੀ ,ਨਕੋਦਰ, ਆਦਮਪੁਰ ਤੇ ਕਰਤਾਰਪੁਰ ਸ਼ਾਮਲ ਹਨ।ਸਾਲ 2022 ਦੀਆਂ ਵਿਧਾਨ  ਸਭਾ ਚੋਣਾਂ  ਦੌਰਾਨ ਆਮ ਆਦਮੀ ਪਾਰਟੀ ਦੀ ਹਨੇਰੀ ਦੇ ਬਾਵਜੂਦ ਪੰਜ ਹਲਕਿਆਂ ਵਿੱਚ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ  ਸੀ ਜਦੋਂਕਿ  4 ਹਲਕਿਆਂ ਵਿੱਚ ਝਾੜੂ ਅਪਣਾ ਜਾਦੂ ਚਲਾਉਣ ਵਿਚ ਸਫਲ ਰਿਹਾ ਸੀ ।
          ਕਾਂਗਰਸ ਦੇ ਮਰਹੂਮ ਆਗੂ ਬਲਬੀਰ ਸਿੰਘ 1999 ਵਿਚ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਜਿੱਤੇ ਸਨ। 2004 ਵਿਚ ਇਸ ਹਲਕੇ ਤੋਂ ਰਾਣਾ ਗੁਰਜੀਤ ਸਿੰਘ ਜੇਤੂ ਰਹੇ ਸਨ। ਸਾਲ 2009 ਦੀਆਂ ਚੋਣਾਂ ਦੌਰਾਨ  ਮਹਿੰਦਰ ਸਿੰਘ ਕੇ ਪੀ ਨੇ ਅਕਾਲੀ ਆਗੂ ਤੇ ਰਾਜ ਗਾਇਕ ਹੰਸ ਰਾਜ ਹੰਸ ਨੂੰ ਵੱਡੇ ਫਰਕ ਨਾਲ ਹਰਾਇਆ ਸੀ। ਸਾਲ 2014 ਦੀਆਂ ਚੋਣਾਂ ਦੌਰਾਨ ਜਦੋਂ ਪੰਜਾਬ ਵਿਚ ‘ਆਪ’ ਦਾ ਉਭਾਰ ਹੋ ਰਿਹਾ ਸੀ ਤਾਂ ਵੀ ਇੱਥੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 70,981 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ।
          ਹਾਲਾਂਕਿ ਬਸਪਾ ਦਾ ਇੱਥੇ ਪੱਕਾ ਵੋਟ ਬੈਂਕ ਹੈ ਇਸ ਦੇ ਬਾਵਜੂਦ ਵੀ ‘ਆਪ’ ਦੀ ਬਿਲਕੁਲ ਅਣਜਾਣ ਉਮੀਦਵਾਰ ਜੋਤੀ ਮਾਨ ਤੀਜੇ ਨੰਬਰ ’ਤੇ ਰਹੀ ਸੀ।ਸਾਲ  2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਇੱਕ ਵਾਰ ਫਿਰ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਚੋਣ ਜਿੱਤੇ ਸਨ। ਚੌਧਰੀ ਸੰਤੋਖ ਸਿੰਘ ਦਾ ਸਬੰਧ ਸਿਆਸੀ ਪਰਿਵਾਰ ਨਾਲ ਹੈ। ਉਨ੍ਹਾਂ ਦੇ ਪਿਤਾ ਮਾਸਟਰ ਗੁਰਬੰਤਾ ਸਿੰਘ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਵਜ਼ਾਰਤ ਵਿਚ ਮੰਤਰੀ ਰਹੇ ਸਨ। ਚੌਧਰੀ ਸੰਤੋਖ ਸਿੰਘ ਦੇ ਵੱਡੇ ਭਰਾ ਚੌਧਰੀ ਜਗਜੀਤ ਸਿੰਘ ਦੀ ਵੀ ਹਲਕਾ ਕਰਤਾਰਪੁਰ ’ਤੇ ਲੰਮਾ ਸਮਾਂ ਸਿਆਸੀ ਤੂਤੀ ਬੋਲਦੀ ਰਹੀ ਹੈ । ਚੌਧਰੀ ਪਰਵਾਰ ਵੱਲੋਂ ਜਲੰਧਰ ਲੋਕ ਸਭਾ ਹਲਕੇ ਨੂੰ ਆਪਣਾ ਜੱਦੀ ਹਲਕਾ ਮੰਨਿਆ ਜਾਂਦਾ ਹੈ ਜਿਸ ਕਰਕੇ ਕਾਂਗਰਸ ਆਪਣੀ ਸਿਹਤ ਪ੍ਰਤੀ ਆਸਵੰਦ ਹੈ।
        ਇਸੇ ਕਾਰਨ ਹੀ  ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ  ਕਾਂਗਰਸ ਪਾਰਟੀ ਨੇ ਪਹਿਲਾਂ  ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਦਿੱਤੀ ਸੀ। ਬਾਅਦ ਵਿਚ ਉਨ੍ਹਾਂ ਦੀ ਟਿਕਟ ਕੱਟ ਕੇ ਚੌਧਰੀ  ਦੇ ਪੁੱਤ ਚੌਧਰੀ ਬਿਕਰਮਜੀਤ ਸਿੰਘ ਨੂੰ ਉਮੀਦਵਾਰ ਬਣਾ ਲਿਆ ਜੋਕਿ ਬੁਰੀ ਤਰ੍ਹਾਂ ਚੋਣ ਹਾਰ ਗਿਆ ਸੀ। ਕਰਮਜੀਤ ਕੌਰ ਸਪੋਰਟਸ ਕਾਲਜ ਵਿਚ ਪ੍ਰਿੰਸੀਪਲ ਰਹਿ ਚੁੱਕੇ ਹਨ। ਵੋਟਰਾਂ ਦੀ ਹਮਦਰਦੀ ਹਾਸਲ ਕਰਨ ਲਈ ਕਾਂਗਰਸ ਨੇ ਚੌਧਰੀ ਪਰਿਵਾਰ ਨੂੰ ਟਿਕਟ  ਦਿੱਤੀ ਹੈ। ਤਾਜ਼ਾ  ਹਾਲਾਤਾਂ ਦੇ ਮੁਤਾਬਕ  ਜਲੰਧਰ  ਅਜਿਹਾ ਵੱਕਾਰੀ ਹਲਕਾ ਬਣ ਗਿਆ ਹੈ ਜਿਸ ਵੱਲ ਪੰਜਾਬ ਹੀ ਨਹੀਂ ਬਲਕਿ ਦੇਸ਼-ਵਿਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ  ਹਨ। ਦੱਸਣਯੋਗ ਹੈ ਕਿ ਇਸ ਹਲਕੇ ਵਿੱਚ 10 ਮਈ ਨੂੰ ਵੋਟਾਂ ਪੈਣਗੀਆਂ ਅਤੇ 13 ਮਈ ਨੂੰ ਗਿਣਤੀ ਹੋਵੇਗੀ। 
      
ਧਾਰਮਿਕ ਡੇਰਿਆਂ ਦਾ ਵੀ ਪ੍ਰਭਾਵ
   ਜਲੰਧਰ ਲੋਕ ਸਭਾ ਹਲਕੇ ਵਿਚ ਦੋ ਅਹਿਮ  ਡੇਰੇ ਸਥਿਤ ਹਨ । ਇਹਨਾਂ ਵਿਚੋਂ ਇਕ ਡੇਰਾ ਰਾਧਾ ਸੁਆਮੀ ਬਿਆਸ ਹੈ ਜਦੋਂ ਕਿ ਦੂਸਰਾ ਡੇਰਾ ਸੱਚ ਖੰਡ ਬੱਲਾਂ ਹੈ। ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਸਿਰਸਾ ਸਮੇਤ  ਹੋਰ ਵੀ ਕਈ ਵੱਖ-ਵੱਖ ਸੰਪਰਦਾਵਾਂ ਅਤੇ ਧਾਰਮਿਕ ਆਗੂਆਂ ਦਾ ਪ੍ਰਭਾਵ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਡੇਰਿਆਂ ਨਾਲ ਜੁੜਿਆ ਵੋਟ ਬੈਂਕ ਜ਼ਿਮਨੀ ਚੋਣ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ। ਖਾਸ ਤੌਰ ‘ਤੇ ਉਹ ਹਲਕਾ ਜਿਸ ਚੋਂ ਚੋਣ ਜਿੱਤ ਕੇ ਸਧਾਰਨ  ਸਿਆਸੀ ਲੀਡਰ ਘਾਗ ਸਿਆਸਤਦਾਨ  ਬਣੇ ਹੋਣ ਤਾਂ ਡੇਰਿਆਂ ਨਾਲ ਜੁੜੇ ਵੋਟਰਾਂ ਅਹਿਮੀਅਤ ਹੋਰ ਵੀ ਵਧ ਜਾਂਦੀ  ਹੈ।
Scroll to Top