ਤੁਸੀ ਆਏ ਸਾਡੇ ਬੂਹੇ  ਤਾਂ ਹੱਸੀਆਂ ਨੇ ਕੰਧਾਂ- ਜੀ  ਆਇਆਂ ,ਜੀ ਸਾਡੇ ਵਿਹੜੇ ਆਉਣ ਵਾਲਿਓ

ਸਿਫਤੀ ਤਬਦੀਲੀ – ਬੰਦ ਹੋਣ ਦੀਆਂ ਬਰੂਹਾਂ ਤੇ ਖੜ੍ਹੇ ਸਕੂਲ ‘ਚ ਹੁਣ ਵਿਦਿਆਰਥੀਆਂ ਦੀ ਗਿਣਤੀ 250 ਤੱਕ ਅੱਪੜੀ

ਅਸ਼ੋਕ ਵਰਮਾ ਬਠਿੰਡਾ ,4 ਅਪ੍ਰੈਲ 2023
   ਬਠਿੰਡਾ ਜਿਲ੍ਹਾ ਹੀ ਨਹੀਂ ,ਬਲਕਿ ਮਾਲਵੇ ਦਾ ਮਾਣ ਮੰਨੇ ਜਾਂਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਵਿੱਚ ਦਾਖਲ ਹੋਏ  ਨਵੇਂ  ਬੱਚਿਆਂ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ। ਇਹ ਉਹ ਪ੍ਰਾਇਮਰੀ ਸਕੂਲ ਹੈ ਜੋ ਲੰਘੇ ਵੇਲੇ ਕਿਸੇ ਮਿਹਣੇ ਤੋਂ ਘੱਟ ਨਹੀਂ  ਸੀ । ਪਰ ਦਿਨ ਬਦਲੇ ਨੂੰ ਹੁਣ ਵਾਇਆ ਕੋਠੇ ਇੰਦਰ ਸਿੰਘ ਵਾਲੇ ਮਾਣ ਦਾ ਪ੍ਰਤੀਕ ਬਣ ਗਿਆ ਹੈ। ਉਹ ਦਿਨ ਚਲੇ ਗਏ , ਜਦੋਂ ਇਸ ਸਮਾਰਟ ਸਕੂਲ ਤੇ ਪਛੜੇਪਣ ਦਾ ਦਾਗ਼ ਸੀ।
           ਮਾਪਿਆਂ ਨੇ ਜਦੋਂ ਅੱਜ ਸਵੇਰੇ ਆਪਣੇ ਬੱਚਿਆਂ ਨੂੰ ਸਕੂਲ ਤੋਰਿਆ ਤਾਂ ਉਹ ਖੁਦ ਨੂੰ ਸਿੱਖਿਆ ਦੇ ਪੱਖ ਤੋਂ ਸੁਰਖਰੂ ਮੰਨ ਰਹੇ ਸਨ। ਸਿੱਖਿਆ ਵਿਭਾਗ  ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਨੇ ਇਸ ਸੈਸ਼ਨ ਦੌਰਾਨ ਵੀ ਵੱਡੀ ਗਿਣਤੀ ਬੱਚਿਆਂ ਦੇ  ਦਾਖ਼ਲੇ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ । ਅਧਿਆਪਕ ਇਸ ਗੱਲੋਂ ਖੁਸ਼ ਹਨ ਕਿ ਉਨ੍ਹਾਂ ਦੇ ਸਕੂਲ ਨੂੰ  ਮੁਕਾਬਲੇ ਦੀ ਇਸ ਨਵੇਕਲੀ ਪ੍ਰੀਖਿਆ ਵਿਚ ਮੋਹਰੀ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ  ਹੈ।
            ਨਵੇਂ ਬੱਚਿਆਂ ਨੂੰ ਜੀ ਆਇਆਂ ਆਖਦਿਆਂ ਸਕੂਲ ਮੁਖੀ ਭੁਪਿੰਦਰ ਸਿੰਘ, ਅਧਿਆਪਕ ਰਾਜੇਸ਼ ਕੁਮਾਰ, ਮੈਡਮ ਪ੍ਰਮੋਧ ਗੁਪਤਾ, ਮੈਡਮ ਸੁਮਨ ਲਤਾ ਅਤੇ  ਰਾਜਿੰਦਰ ਸਿੰਘ  ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ  ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਨਵੇਂ ਸੈਸ਼ਨ ਦੌਰਾਨ 40 ਵਿਦਿਆਰਥੀ ਦਾਖਲ ਹੋਏ ਹਨ ਅਤੇ ਹੈਰਾਨੀ ਵਾਲੀ ਗੱਲ  ਹੈ ਕਿ ਇਹਨ ਵਿੱਚੋਂ ਪਿੰਡ ਦੇ ਸਿਰਫ ਚਾਰ ਬੱਚੇ  ਹਨ ਜਦੋਂ ਕਿ  ਬਾਕੀ ਸਾਰੇ ਵਿਦਿਆਰਥੀਆਂ ਦਾ ਸਬੰਧ ਵੱਡੇ ਵੱਡੇ ਗੁਆਂਢੀ ਪਿੰਡਾਂ ਨਾਲ ਹੈ।
              ਇਹਨਾਂ ਬੱਚਿਆਂ  ਨੇ ਵੱਖ-ਵੱਖ ਪ੍ਰਾਈਵੇਟ ਸਕੂਲਾਂ ਨੂੰ ਛੱਡ ਇਸ ਪਿੰਡ ਦੇ ਸਰਕਾਰੀ ਸਕੂਲ ਨੂੰ ਸਿੱਖਿਆ ਲਈ ਤਰਜੀਹ ਦਿੱਤੀ ਹੈ। ਗੌਰਤਲਬ ਹੈ ਕਿ ਕੋਠੇ ਇੰਦਰ ਸਿੰਘ ਵਾਲਾ ਇੱਕ ਬਹੁਤ ਛੋਟਾ ਜਿਹਾ ਪਿੰਡ ਹੋਣ ਕਰਕੇ ਇੱਥੇ ਵਿਦਿਆਰਥੀਆਂ ਦੀ ਬਹੁਤ ਘਾਟ ਹੈ ਫਿਰ ਵੀ ਇਸ ਸਕੂਲ ਦੇ ਸਿੱਖਿਆ ਪੱਧਰ ਅਤੇ ਸਿੱਖਿਅਕ ਸਹੂਲਤਾਂ ਦੀ ਖਿੱਚ ਕਰਕੇ ਹਰ ਸਾਲ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ  ਵਿਦਿਆਰਥੀਆਂ ਦਾ ਮੁਹਾਣ ਇਸ ਸਕੂਲ ਵੱਲ ਹੋਣ ਲੱਗਿਆ  ਹੈ। 
             ਸਕੂਲ ਦੇ ਦਾਖਲਾ ਇੰਚਾਰਜ ਰਾਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਸਕੂਲ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਦੇ ਮਾਪੇ ਸਾਲ-ਸਾਲ ਪਹਿਲਾਂ ਹੀ ਆਪਣੇ ਬੱਚੇ ਦੇ ਦਸਤਾਵੇਜ਼ ਜਮਾਂ ਕਰਵਾ ਕੇ ਆਪਣੀ ਸੀਟ ਬੁੱਕ ਕਰ ਜਾਂਦੇ ਹਨ।    ਉਨ੍ਹਾਂ ਦੱਸਿਆ ਕਿ ਨਵੇਂ ਬੱਚਿਆਂ ਦੇ ਆਉਣ ਤੇ ਅੱਜ ਉਨ੍ਹਾਂ ਰਸਮੀ ਤੌਰ ਤੇ ਨਿੱਘਾ ਸਵਾਗਤ ਕਰਨ ਦੇ ਨਾਲ-ਨਾਲ ਹੌਸਲਾ-ਅਫਜ਼ਾਈ ਵੀ ਕੀਤੀ ਗਈ ਹੈ। 
          ਜਿਕਰਯੋਗ ਹੈ ਕਿ 2017 ਤੋਂ ਪਹਿਲਾਂ ਇਹ ਸਕੂਲ ਜਦੋਂ ਵਿਦਿਆਰਥੀਆਂ ਦੀ ਘਟਦੀ ਗਿਣਤੀ ਕਾਰਨ ਬੰਦ ਹੋਣ ਵੱਲ ਵੱਧ ਰਿਹਾ ਸੀ ਤਾਂ ਇਸ ਸਕੂਲ ਦੇ ਇਕਲੌਤੇ ਅਧਿਆਪਕ ਰਾਜਿੰਦਰ ਸਿੰਘ ਨੇ ਬੱਚਿਆਂ ਦੀ ਘਟਦੀ ਗਿਣਤੀ ਵਧਾਉਣ ਲਈ ਆਮ ਲੋਕਾਂ ਦੀ ਧਾਰਨਾ ਨੂੰ ਪੁੱਠਾ ਗੇੜਾ ਦਿੱਤਾ ਅਤੇ ਲਗਾਤਾਰ ਦੋ ਸਾਲ ਦਾਖਲਿਆਂ ਵਿੱਚ ਪੰਜਾਬ ਪੱਧਰੀ  ਰਿਕਾਰਡ ਵੀ ਕਾਇਮ ਕੀਤਾ ਸੀ। ਇਸ ਦੇ ਸਿੱਟੇ ਵਜੋਂ ਵਿਦਿਆਰਥੀਆਂ ਦੀ ਗਿਣਤੀ ਹੁਣ 250 ਦੇ ਕਰੀਬ ਪੁੱਜ ਚੁੱਕੀ ਹੈ।
         ਬੱਚਿਆਂ ਨੂੰ ਸਕੂਲ ਛੱਡਣ ਆਏ ਮਾਪਿਆਂ ਦਾ ਪ੍ਰਤੀਕਰਮ ਸੀ  ਕਿ ਜੇਕਰ ਇਸ ਸਕੂਲ ਵਿੱਚ ਅਧਿਆਪਕਾਂ ਦੀ ਘਾਟ  ਪੂਰੀ ਕਰ ਦਿੱਤੀ ਜਾਂਦੀ ਹੈ ਤਾਂ ਬੱਚਿਆਂ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਕੀਤਾ ਜਾ ਸਕਦਾ ਹੈ।  ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਸਕੂਲ ਨੂੰ ਇੱਕ ਵੀ ਨਰਸਰੀ ਅਧਿਆਪਕ ਨਹੀਂ ਦਿੱਤਾ ਗਿਆ ਹੈ ਜਦੋਂ ਕਿ  ਸਕੂਲ ਦਾਖਲੇ ਵਿੱਚ  ਨਵੇਂ ਰਿਕਾਰਡ ਕਾਇਮ ਕਰਦਾ ਆ ਰਿਹਾ ਹੈ। ਮਾਪਿਆਂ ਨੇ ਮੰਗ ਕੀਤੀ ਕਿ ਸਰਕਾਰ ਅਧਿਆਪਕਾਂ ਦੀ ਗਿਣਤੀ ਪਹਿਲ ਦੇ ਆਧਾਰ ਤੇ ਪੂਰੀ ਕਰੇ ਤਾਂ ਜੋ ਉਨ੍ਹਾਂ ਦੇ ਬੱਚਿਆਂ ਦਾ ਭਵਿਖ ਪੂਰੀ ਤਰ੍ਹਾਂ ਸੁਰੱਖਿਅਤ ਹੋ ਸਕੇ।
 ਦਾਖ਼ਲੇ ਤੋਂ ਮਾਪਿਆਂ ਦੇ ਚਿਹਰੇ ਖਿੜੇ
   ਬਠਿੰਡਾ ਜਿਲ੍ਹੇ ਦੇ ਇਸ ਪ੍ਰਾਇਮਰੀ ਸਕੂਲ ਵਿੱਚ ਬੱਚੇ   ਦਾਖਲਾ਼ ਕਰਵਾ ਕੇ ਮਾਪਿਆਂ ਨੇ ਤਸੱਲੀ ਮਹਿਸੂਸ ਕੀਤੀ ਹੈ  । ਮੁਕਤਸਰ ਜਿਲ੍ਹੇ ਦੇ ਪਿੰਡ ਬਰਕੰਦੀ ਵਾਸੀ ਮਨਿੰਦਰ ਸਿੰਘ ਬਰਾੜ  ਨੇ  ਆਪਣੀ ਪੁੱਤਰੀ ਗੁਰਨੂਰ ਕੌਰ ਦਾ ਨਰਸਰੀ ਵਿੱਚ ਦਾਖਲਾ ਸਿਰਫ਼  ਸਕੂਲ ਦੀਆਂ ਵਧੀਆ ਵਿਦਿਅਕ ਪ੍ਰਾਪਤੀਆਂ ਨੂੰ ਦੇਖਦਿਆਂ ਕਰਵਾਇਆ ਹੈ। ਸੁਖਦੇਵ ਸਿੰਘ, ਗੁਰਮੇਲ ਸਿੰਘ ਅਤੇ ਮੰਦਰ ਸਿੰਘ ਵਾਸੀ ਆਕਲੀਆਂ ਕਲਾਂ ਨੂੰ ਤਾਂ ਆਪਣਿਆਂ ਬੱਚਿਆਂ ਦਾ  ਦਾਖ਼ਲਾ  ਕਿਸਮਤ ਪੁੜੀ ਦੇ ਨਿਕਲਣ ਵਰਗਾ ਲੱਗਿਆ ਹੈ।
              
ਆਪਣੇ ਪੁੱਤਾਂ ਦਾ ਫਿਕਰ ਮੁੱਕਿਆ
   ਪਿੰਡ ਮਹਿਮਾ ਸਰਕਾਰੀ ਦੇ ਅੰਮ੍ਰਿਤਪਾਲ ਸ਼ਰਮਾਂ ਅਤੇ ਅੰਜੂ ਬਾਲਾ ਨੇ ਵੀ ਆਪਣੇ ਲਾਡਲੇ  ਏਕਮਦੀਪ ਸ਼ਰਮਾਂ ਦੇ ਦਾਖਲੇ ਸੰਬੰਧੀ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਹੁਣ ਪੁੱਤ ਦੀ ਚਿੰਤਾ ਦੂਰ ਹੋ ਗਈ ਹੈ। ਜਸਕਰਨ ਸਿੰਘ ਬਰਾੜ ਨੇ ਆਪਣੇ ਲੜਕੇ ਬਿਕਰਮਜੀਤ ਨੂੰ ਦਾਖਲ ਕਰਵਾਉਣ ਲਈ  ਸਾਲ ਪਹਿਲਾਂ ਜਮਾਂ ਕਰਵਾ ਦਿੱਤੇ ਸਨ ਤਾਂ ਅੱਜ   ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮਾਪਿਆਂ ਨੇ ਆਖਿਆ ਕਿ ਕੋਠੇ ਇੰਦਰ ਸਿੰਘ ਵਾਲਾ ਸਕੂਲ ਨੇ ਵਿਦਿਅਕ ਨਕਸ਼ੇ ਦੀ ਸ਼ਾਨ ਵਧਾਈ ਹੈ ਤਾਂ ਹੀ ਉਨ੍ਹਾਂ ਇਹ ਫ਼ੈਸਲਾ ਲਿਆ ਹੈ।
Scroll to Top