ਪੰਜਾਬ ਸਰਕਾਰ ਵੱਲੋਂ ਸੋਹੀਆਂ ਬੀੜ ਨੂੰ ਬਿਹਤਰੀਨ ‘ਈਕੋ ਟੂਰਿਜ਼ਮ’ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ: ਕੈਬਨਿਟ ਮੰਤਰੀ ਅਮਨ ਅਰੋੜਾ

ਪੰਜਾਬ ਸਰਕਾਰ ਵੱਲੋਂ ਸੋਹੀਆਂ ਬੀੜ ਨੂੰ ਬਿਹਤਰੀਨ ‘ਈਕੋ ਟੂਰਿਜ਼ਮ’ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ: ਕੈਬਨਿਟ ਮੰਤਰੀ ਅਮਨ ਅਰੋੜਾ

ਸੰਗਰੂਰ, 11 ਸਤੰਬਰ (ਹਰਪ੍ਰੀਤ ਕੌਰ ਬਬਲੀ)

ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੋਹੀਆਂ ਬੀੜ ਨੂੰ ਈਕੋ ਟੂਰਿਜ਼ਮ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਸ੍ਰੀ ਅਰੋੜਾ ਨੇ ਇਹ ਪ੍ਰਗਟਾਵਾ  ਅੱਜ ਚੀਫ਼ ਵਾਈਲਡ ਲਾਈਫ ਵਾਰਡਨ ਪੰਜਾਬ ਸ੍ਰੀ ਪ੍ਰਵੀਨ ਕੁਮਾਰ, ਮੁੱਖ ਵਣਪਾਲ ਵਾਈਲਡ ਲਾਈਫ ਸ੍ਰੀਮਤੀ ਗੀਤਾਂਜਲੀ, ਵਾਈਲਡ ਲਾਈਫ ਇੰਸਟੀਚਿਊਟ ਦੇਹਰਾਦੂਨ ਦੇ ਮਾਹਿਰਾਂ ਡਾ. ਹਬੀਬ ਬਿਲਾਲ ਤੇ ਡਾ. ਸਮਰਾਟ ਅਤੇ ਡਵੀਜ਼ਨਲ ਵਣ ਮੰਡਲ ਅਫ਼ਸਰ ਸ੍ਰੀਮਤੀ ਮੋਨਿਕਾ ਦੇਵੀ ਯਾਦਵ ਨਾਲ ਸੋਹੀਆਂ ਬੀੜ ਵਿਖੇ ਵਿਸਤ੍ਰਿਤ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਬੀੜ 700 ਏਕੜ ਤੋਂ ਵੀ ਵੱਧ ਖੇਤਰ ਵਿੱਚ ਫੈਲੀ ਹੋਈ ਹੈ ਜੋ ਕਿ ਛੱਤਬੀੜ ਤੋਂ ਵੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਖ਼ੂਬਸੂਰਤੀ ਨਾਲ ਭਰਪੂਰ ਇਸ ਅਣਗੌਲੀ ਬੀੜ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਾਉਣ ਲਈ ਉਹ ਜਲਦੀ ਹੀ ਇਸ ਮਾਮਲੇ ਬਾਰੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਨੂੰ ਜਾਣੂ ਕਰਵਾਉਣਗੇ ਅਤੇ ਫਿਰ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਇਸ ਬੀੜ ਦੀ ਦਿੱਖ ਨੂੰ ਸੰਵਾਰਨ ਦੀ ਪ੍ਰਵਾਨਗੀ ਲਈ ਜਾਵੇਗੀ।
ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਰਾਜ ਜਾਨਵਰ (ਸਟੇਟ ਐਨੀਮਲ) ਕਾਲੇ ਹਿਰਨ ਦੀ ਅਲੋਪ ਹੋ ਰਹੀ ਪ੍ਰਜਾਤੀ ਨੂੰ ਬਚਾਉਣ ਦੇ ਉਦਮ ਵਜੋਂ ਸੋਹੀਆਂ ਬੀੜ ਵਿਖੇ ਕਾਲੇ ਹਿਰਨ ਲਿਆਉਣ ਬਾਰੇ ਵੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਤਾਂ ਜੋ ਲੋਕ ਕਾਲੇ ਹਿਰਨ ਦੇਖਣ ਲਈ ਇਸ ਬੀੜ ਪ੍ਰਤੀ ਆਕਰਸ਼ਿਤ ਹੋ ਸਕਣ। ਉਨ੍ਹਾਂ ਕਿਹਾ ਕਿ ਜੰਗਲੀ ਜੀਵ ਅਤੇ ਵਣ ਮਾਹਿਰਾਂ ਦੀ ਰਾਏ ਅਨੁਸਾਰ ਇਸ ਬੀੜ ਵਿੱਚ ਅਜਿਹੇ ਰੁੱਖ ਵੀ ਲਗਾਏ ਜਾਣਗੇ ਜੋ ਜੀਵ ਜੰਤੂਆਂ ਦਾ ਬਸੇਰਾ ਬਣਨਗੇ ਅਤੇ ਇਸ ਸਥਾਨ ਦੀ ਖੂਬਸੂਰਤੀ ਵਿਚ ਹੋਰ ਵਾਧਾ ਕਰਨਗੇ।
ਕੈਬਨਿਟ ਮੰਤਰੀ ਨੇ ਕਿਹਾ ਲਗਭਗ ਦੋ ਢਾਈ ਮਹੀਨੇ ਪਹਿਲਾਂ ਉਨ੍ਹਾਂ ਵੱਲੋਂ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਸਮੇਤ ਇਸ ਬੀੜ ਦਾ ਦੌਰਾ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਲਗਾਤਾਰ ਇਸ ਬੀੜ ਦੇ ਕਾਇਆ ਕਲਪ ਲਈ ਜੰਗਲੀ ਜੀਵ ਅਤੇ ਵਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੋਹੀਆਂ ਬੀੜ ਨੂੰ ਈਕੋ ਟੂਰਿਜ਼ਮ ਵਜੋਂ ਵਿਕਸਤ ਕਰਨ ਲਈ ਮੁਢਲੇ ਤੌਰ ਉੱਤੇ ਖ਼ਾਕਾ ਤਿਆਰ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਸੁਧਾਰ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।

Scroll to Top