ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਸੂਬਾ ਪੱਧਰੀ ਖੇਡਾਂ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਪ੍ਰਾਇਮਰੀ ਪੱਧਰ ਦੀਆਂ ਖੇਡਾਂ ਪ੍ਰਤਿਭਾ ਨੂੰ ਨਿਖਾਰਨ ‘ਚ ਹੁੰਦੀਆਂ ਨੇ ਸਹਾਈ : ਡਿਪਟੀ ਕਮਿਸ਼ਨਰ


ਰਾਜੇਸ਼ ਗੋਤਮ , ਪਟਿਆਲਾ, 10 ਦਸੰਬਰ 2022
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਜ. ਅਮਰਜੀਤ ਸਿੰਘ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਮਨਵਿੰਦਰ ਕੌਰ ਭੁੱਲਰ ਦੀ ਅਗਵਾਈ ਵਿੱਚ ਕਰਵਾਈਆਂ ਗਈਆਂ ਸੂਬਾ ਪੱਧਰੀ ਖੇਡਾਂ ਵਿਚ ਪਟਿਆਲਾ ਜ਼ਿਲ੍ਹੇ ਦੇ 16 ਬਲਾਕਾਂ ਵਿਚ ਪੜ੍ਹਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।        
ਡਿਪਟੀ ਕਮਿਸ਼ਨਰ ਨੇ ਪ੍ਰਾਇਮਰੀ ਖੇਡਾਂ ਵਿੱਚ ਜੇਤੂ ਰਹੇ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪ੍ਰਾਇਮਰੀ ਪੱਧਰ ਦੀਆਂ ਖੇਡਾਂ ਪ੍ਰਤਿਭਾ ਨਿਖਾਰਨ ਵਿਚ ਸਹਾਈ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿਚ ਖੇਡਾਂ ਵਿਚ ਲਿਆ ਹਿੱਸਾ ਅਨੁਸ਼ਾਸਨ ਤੇ ਸਹਿਣਸ਼ੀਲਤਾ ਜਿਹੇ ਗੁਣ ਵੀ ਪੈਦਾ ਕਰਦਾ ਹੈ। ਉਨ੍ਹਾਂ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
     ਜ਼ਿਲ੍ਹਾ ਸਪੈਸ਼ਲ ਐਜੂਕੇਟਰ ਟੀਚਰ ਪੁਨੀਤ ਸ਼ਰਮਾ ਅਤੇ ਅਮਰਜੀਤ ਕੌਰ ਦੀ ਦੇਖ-ਰੇਖ ਵਿੱਚ ਦੋ ਰੋਜ਼ਾ ਖੇਡਾਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਆਪਣਾ ਸਰਵ-ਉੱਚ ਪ੍ਰਦਰਸ਼ਨ ਕੀਤਾ ਅਤੇ ਪਟਿਆਲੇ ਦੇ ਵਿਦਿਆਰਥੀਆਂ ਵੱਲੋਂ ਓਵਰ ਆਲ ਪ੍ਰਫੋਰਮੈਂਸ ਵੀ ਚੰਗੀ ਦਿੱਤੀ ਗਈ। ਵਿਦਿਆਰਥੀਆਂ ਦੁਆਰਾ ਟੂਰਨਾਮੈਂਟ ਵਿੱਚ 11 ਸੋਨ ਤਗਮੇ, 8 ਚਾਂਦੀ ਅਤੇ 10 ਕਾਂਸੀ ਤੇ ਤਗਬੇ ਅਤੇ ਕੁੱਲ 29 ਤਗਮੇ ਜਿੱਤ ਕੇ ਪਟਿਆਲੇ ਜ਼ਿਲ੍ਹੇ ਦਾ ਨਾਮ ਪੂਰੇ ਸੂਬੇ ਵਿੱਚ ਰੌਸ਼ਨ ਕੀਤਾ। ਵਾਲੀਬਾਲ ਟੀਮ ਦੁਆਰਾ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਪ੍ਰਾਪਤ ਕੀਤਾ ਗਿਆ। ਇੰਜ.ਅਮਰਜੀਤ ਸਿੰਘ ਅਤੇ ਮਨਵਿੰਦਰ ਕੌਰ ਭੁੱਲਰ ਵੱਲੋਂ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ।                                       
     ਇਸ ਮੌਕੇ ਅਧਿਆਪਕ ਆਈ.ਈ.ਆਰ ਟੀਜ ਕਾਂਤੀ, ਵਿਵੇਕ, ਬਲਬੀਰ ਸਿੰਘ, ਸੰਦੀਪ ਸਿੰਘ, ਸਰਬਜੀਤ ਸਿੰਘ, ਵੀਨਾ, ਇਸ਼ਾਂਨ ਮਾਲਟਾ, ਸ਼ਸ਼ੀ ਬਾਲਾ, ਚਰਨਜੀਤ ਕੌਰ, ਨਰਿੰਦਰ ਕੌਰ ਅਤੇ ਵਲੰਟੀਅਰਜ਼  ਮਹੇਸ਼ਇੰਦਰ ਸਿੰਘ, ਹੇਮੰਤ ਕੁਮਾਰ, ਬੇਅੰਤ ਸਿੰਘ , ਭੁਪਿੰਦਰ ਸਿੰਘ, ਸੁਖਵਿੰਦਰ ਜ਼ੈਲਦਾਰ, ਜਗਤਾਰ ਸਿੰਘ ਆਦਿ ਦੁਆਰਾ ਪੁਨੀਤ ਸ਼ਰਮਾ ਅਤੇ ਅਮਰਜੀਤ ਕੌਰ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਟੀਚਰਜ਼ ਨਾਲ ਮਿਲ ਕੇ ਪੂਰੇ ਟੂਰਨਾਮੈਂਟ ਨੂੰ ਕਾਮਯਾਬ ਕੀਤਾ।

Scroll to Top