ਕੁੱਤਿਆਂ ਦੀ ਲੜਾਈ ‘ਚ ਮਾਲਿਕਾਂ ਨੂੰ ਰਗੜਿਆ

ਹਰਿੰਦਰ ਨਿੱਕਾ , ਪਟਿਆਲਾ 19 ਮਈ 2023

   ਜਿਲ੍ਹੇ ਦੇ ਪੁਲਿਸ ਥਾਣਾ ਸ਼ੰਭੂ ਅਧੀਨ ਪੈਂਦੀ ਇੱਕ ਕਲੋਨੀ ‘ਚ ਕੁੱਤਿਆਂ ਦੀ ਲੜਾਈ ਤੋਂ ਬਾਅਦ ਪੁਲਿਸ ਨੇ  ਦੋ ਔਰਤਾਂ ਸਣੇ ਪੰਜ ਜਣਿਆਂ ਖਿਲਾਫ ਕੇਸ ਦਰਜ਼ ਕਰਕੇ,ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਦਰਜ਼ ਐਫ.ਆਈ.ਆਰ ਦੇ ਮੁਦਈ ਬਲਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਗੁਰੂ ਤੇਗ ਬਹਾਦਰ ਕਲੋਨੀ ਢਕਾਨਸੂ ਰੋਡ ਥਾਣਾ ਖੇਤਰ ਸੰਭੂ ਨੇ ਦੱਸਿਆ ਕਿ ਜਦੋਂ ਉਹ ਗੁਰੂ ਤੇਗ ਬਹਾਦਰ ਕਲੋਨੀ ਢਕਾਨਸੂ ਰੋਡ ਅੰਦਰ ਆਪਣੇ ਕੁੱਤੇ ਨੂੰ ਘੁੰਮਾ ਰਿਹਾ ਸੀ। ਤਾਂ ਉਦੋਂ ਅਚਾਣਕ ਹੀ ਮੰਗਤ ਸਿੰਘ ਦਾ ਕੁੱਤਾ, ਮੁਦਈ ਦੇ ਕੁੱਤੇ ਨੂੰ ਪੈ ਨਿੱਕਲਿਆ। ਜਦੋ ਮੁਦਈ ਨੇ ਮੰਗਤ ਦੇ ਕੁੱਤੇ ਨੂੰ ਹਟਾਇਆ ਤਾਂ ਮੰਗਤ ਸਿੰਘ ਆਪਣੇ ਭਰਾ ਅਮਰਜੀਤ ਸਿੰਘ , ਜੋਗਾ ਸਿੰਘ ਪੁੱਤਰ ਮਨਜੀਤ ਸਿੰਘ, ਗੁਰਵਿੰਦਰ ਕੌਰ ਪਤਨੀ ਮੰਗਤ ਸਿੰਘ ਅਤੇ ਗਿਆਨ ਕੌਰ ਪਤਨੀ ਜਸਵੀਰ ਸਿੰਘ ਵਾਸੀਆਨ ਗੁਰੂ ਤੇਗ ਬਹਾਦਰ ਕਲੋਨੀ ਢਕਾਨਸੂ ਰੋਡ ਥਾਣਾ ਖੇਤਰ ਸੰਭੂ ਨੂੰ ਨਾਲ ਲੈ ਕੇ ਮੌਕਾ ਪਰ ਆਇਆ। ਆਉਂਦਿਆਂ ਹੀ ਉਸ ਨੇ ਮੁਦਈ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤੀ। ਉਸ ਨੇ ਅਤੇ ਉਸ ਦੇ ਨਾਲ ਆਏ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਮੁਦਈ ਬਲਜੀਤ ਸਿੰਘ ਦੀ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆ। ਮਾਮਲਾ ਪੁਲਿਸ ਕੋਲ ਪਹੁੰਚਿਆਂ ਤਾਂ ਪੁਲਿਸ ਨੇ ਮੁਦਈ ਬਲਜੀਤ ਸਿੰਘ ਦੇ ਬਿਆਨ ਪਰ ਉਕਤ ਸਾਰੇ ਨਾਮਜ਼ਦ ਦੋਸ਼ੀਆਂ ਦੇ ਖਿਲਾਫ ਅਧੀਨ ਜ਼ੁਰਮ 323/ 341/ 506/147 IPC ਤਹਿਤ ਥਾਣਾ ਸੰਭੂ ਵਿਖੇ ਕੇਸ ਦਰਜ਼ ਕਰਕੇ,ਮਾਮਲੇ ਦੀ ਤਫਤੀਸ਼ ਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। 

Scroll to Top