ਕੋਰੋਨਾ ਦੇ ਸ਼ੱਕੀ 2 ਮਰੀਜ਼ ਪੁਲਿਸ ਮੁਲਾਜਮਾਂ ਦੀ ਰਿਪੋਰਟ ਚ, ਕੀ ਆਇਆ

ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਡਿਊਟੀ ਨਿਭਾਉਣ ਲਈ ਗਏ ਸੀ ਪੁਲਿਸ ਮੁਲਾਜਮ
ਬਰਨਾਲਾ 25 ਮਾਰਚ
ਕੋਰੋਨਾ ਵਾਇਰਸ ਤੋਂ ਬਚਾਅ ਲਈ ਪਿਛਲੇ ਕਈ ਦਿਨ ਤੋਂ ਡਰ ਡਰ ਕੇ ਘਰੋ-ਘਰੀ ਬੈਠੇ ਜਿਲ੍ਹੇ ਦੇ ਲੋਕਾਂ ਦੀਆਂ ਨਜ਼ਰਾਂ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੋਰੋਨਾ ਦੇ ਸ਼ੱਕੀ ਮਰੀਜ ਦੋ ਪੁਲਿਸ ਕਰਮਚਾਰੀਆਂ ਤੇ ਧਨੇਰ ਵਾਲੇ ਬਾਬੇ ਦੀ ਰਿਪੋਰਟ ਤੇ ਟਿਕੀਆਂ ਹੋਈਆਂ ਸਨ। ਕਿਉਂਕਿ ਇਹ ਦੋਵੇਂ ਪੁਲਿਸ ਮੁਲਾਜਿਮ ਕੋਰੋਨਾ ਦੇ ਸ਼ੱਕੀ ਮਰੀਜ਼ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਡਿਊਟੀ ਨਿਭਾਉਣ ਲਈ ਗਏ ਸੀ ਅਤੇ ਧਨੇਰ ਵਾਲਾ ਕਰੀਬ 80 ਕੁ ਵਰਿ੍ਹਆਂ ਦਾ ਬਾਬਾ ਵੀ ਹੋਲਾ ਮਹੱਲਾ ਦੇ ਦਰਸ਼ਨ ਕਰਕੇ ਘਰ ਪਹੁੰਚਿਆ ਸੀ। ਇਹ ਤਿੰਨੋਂ ਮਰੀਜ਼ ਜਿਲ੍ਹੇ ਦੇ ਪਹਿਲੇ ਮਰੀਜ਼ ਸਨ,ਜਿੰਨ੍ਹਾਂ ਦਾ ਸਬੰਧ ਹੋਲਾ ਮਹੱਲਾ ਨਾਲ ਜੁੜਿਆ ਹੋਇਆ ਸੀ। ਜਦੋਂ ਕਿ ਇੱਨ੍ਹਾਂ ਤੋਂ ਪਹਿਲਾ ਹਸਪਤਾਲ ਭਰਤੀ ਕੀਤੇ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦਾ ਸਬੰਧ ਦੁਬਈ ਜਾਣ ਨਾਲ ਸੀ। ਹੁਣ ਇੱਨ੍ਹਾਂ ਤਿੰਨੋਂ ਸ਼ੱਕੀ ਮਰੀਜਾਂ ਦੀ ਰਿਪੋਰਟ ਪਟਿਆਲਾ ਦੇ ਰਜਿੰਦਰਾ ਹਸਪਤਾਲ ਨੇ ਜਾਂਚ ਉਪਰੰਤ ਭੇਜ ਦਿੱਤੀ ਹੈ। ਇਸ ਰਿਪੋਰਟ ਬਾਰੇ ਐਸਐਮਉ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਦੱਸਿਆ ਕਿ ਦੋਵੇਂ ਪੁਲਿਸ ਮੁਲਾਜ਼ਮਾਂ ਅਤੇ ਧਨੇਰ ਵਾਲੇ ਬਾਬੇ ਦੀ ਕੋਰੋਨਾ ਸਬੰਧੀ ਰਿਪੋਰਟ ਵੀ ਪਹਿਲੇ ਮਰੀਜਾਂ ਦੀ ਤਰਾਂ ਨੈਗੇਟਿਵ ਹੀ ਆਈ ਹੈ। ਉਨ੍ਹਾਂ ਦੱਸਿਆ ਕਿ ਤਿੰਨੋਂ ਹੀ ਮਰੀਜ਼ਾਂ ਦੀ ਸਿਹਤ ਵਿੱਚ ਪਹਿਲਾਂ ਤੋਂ ਜਿਆਦਾ ਸੁਧਾਰ ਵੀ ਹੋਇਆ ਹੈ। ਜਲਦ ਹੀ ਇਹ ਤਿੰਨੋਂ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਐਸਐਮਉ ਕੌਸ਼ਲ ਨੇ ਕਿਹਾ ਕਿ ਹਾਲੇ ਹੋਰ ਕੋਈ ਵੀ ਕੋਰੋਨਾ ਦਾ ਸ਼ੱਕੀ ਮਰੀਜ਼ ਹਸਪਤਾਲ ਵਿੱਚ ਭਰਤੀ ਨਹੀਂ ਹੈ। ਵਰਨਣਯੋਗ ਹੈ ਕਿ ਹਸਪਤਾਲ ਭਰਤੀ ਦੋਵੇਂ ਹੀ ਪੁਲਿਸ ਕਰਮਚਾਰੀ ¬ਕ੍ਰਮ ਅਨੁਸਾਰ ਤਪਾ ਤੇ ਭਦੌੜ ਥਾਣਿਆਂ ਵਿੱਚ ਡਿਊਟੀ ਤੇ ਤਾਇਨਾਤ ਹਨ।

ਸਿਵਲ ਹਸਪਤਾਲ ਦੇ ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਦੱਸਿਆ ਕਿ ਕੁਝ ਵਿਅਕਤੀਆਂ ਨੂੰ ਬਦਲਦੇ ਮੌਸਮ ਕਰਕੇ ਵੀ ਖੰਘ,ਬੁਖਾਰ ਤੇ ਪੇਟ ਦਰਦ ਦੀ ਸਮੱਸਿਆ ਹੋ ਰਹੀ ਹੈ। ਦੇਸ਼ ਤੇ ਵਿਦੇਸ਼ਾਂ ਚ, ਕੋਰੋਨਾ ਦੀ ਵਜ੍ਹਾ ਨਾਲ ਹੋ ਰਹੀਆਂ ਮੌਤਾਂ ਕਾਰਣ ਵੀ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜਾਂ ਨੂੰ ਇਹਤਿਆਤਨ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤਾ ਜਾ ਰਿਹਾ ਹੈ ਤੇ ਉੱਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਕੱਲਾ ਜਾਂਚ ਲਈ ਸੈਂਪਲ ਭੇਜੇ ਜਾਣ ਨੂੰ ਹੀ ਕੋਰੋਨਾ ਦੇ ਮਰੀਜ਼ ਨਹੀਂ ਸਮਝਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹਾਲੇ ਤੱਕ ਇੱਕ ਵੀ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ ਦੀ ਪਾਜੇਟਿਵ ਰਿਪੋਰਟ ਨਹੀ ਆਈ।

Scroll to Top