ਡੇਂਗੂ ਤੋਂ ਬਚਾਅ ਲਈ ਸਕੂਲੀ ਬੱਚਿਆਂ ਨੂੰ ਕੀਤਾ ਜਾ ਰਿਹਾ ਜਾਗਰੂਕ:  ਡਾ. ਔਲ਼ਖ

ਰਘਬੀਰ ਹੈਪੀ, ਬਰਨਾਲਾ, 11 ਅਗਸਤ 2023


        ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਡੇਂਗੂ ਤੋਂ ਬਚਾਅ ਲਈ “ਹਰ ਸ਼ੁੱਕਰਵਾਰ-ਡੇਂਗੂ ‘ਤੇ ਵਾਰ” ਥੀਮ ਤਹਿਤ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।
  ਸਿਵਲ ਸਰਜਨ ਬਰਨਾਲਾ ਡਾ.ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਸਿਹਤ ਕਰਮਚਾਰੀਆਂ ਵਲੋਂ ਸਕੂਲੀ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਏਡੀਜ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਇਹ ਮੱਛਰ ਆਮ ਤੌਰ ‘ਤੇ ਦਿਨ ਵੇਲੇ ਕੱਟਦਾ ਹੈ।                                               
ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਚੱਲ ਰਿਹਾ ਹੈ। ਇਸ ਲਈ ਆਪਣੇ ਘਰਾਂ,ਦੁਕਾਨਾਂ ,ਵਰਕਸ਼ਾਪਾਂ ‘ਚ ਟਾਇਰ, ਘੜੇ, ਪਾਣੀ ਵਾਲੀਆਂ ਖੇਲਾਂ, ਕੂਲਰ , ਗਮਲੇ ਅਤੇ ਫਰਿੱਜ ਦੇ ਪਿੱਛੇ ਟਰੇਅ ਆਦੀ ਥਾਵਾਂ ‘ਤੇ ਜ਼ਿਆਦਾ ਸਮਾਂ ਪਾਣੀ ਨਹੀਂ ਖੜਨਾ ਚਾਹੀਦਾ ਤਾਂ ਜੋ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ।
ਡਾ. ਮੁਨੀਸ਼ ਜ਼ਿਲ੍ਹਾ ਐਪੀਡਿਮਾਲੋਜਿਸਟ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਮਾਸ ਪੇਸ਼ੀਆਂ ‘ਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ‘ਚ ਦਰਦ, ਸਰੀਰ ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮਸੂੜਿਆਂ ‘ਚੋਂ ਖੂਨ ਆਉਣਾ ਆਦਿ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਸਮੇਂ ਘਰੇਲੂ ਇਲਾਜ ਜਾਂ ਇਲਾਜ ‘ਚ ਦੇਰੀ ਕਾਰਨ ਕਈ ਵਾਰ ਖਤਰੇ ਦਾ ਕਾਰਨ ਬਣ ਜਾਂਦਾ ਹੈ।                                                                               
ਗੁਰਮੇਲ ਸਿੰਘ ਢਿੱਲੋਂ ਅਤੇ ਸੁਰਿੰਦਰ ਸਿੰਘ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ 67 ਟੀਮਾਂ ਵੱਲੋਂ ਪਾਣੀ ਖੜਾ ਹੋਣ ਵਾਲੀਆਂ ਥਾਵਾਂ ਦੀ ਸਮੇਂ ਸਮੇਂ ਚੈਕਿੰਗ ਕੀਤੀ ਜਾਂਦੀ ਹੈ ਜਿੱਥੋਂ ਡੇੰਗੂ ਦਾ ਲਾਰਵਾ ਮਿਲਦਾ ਹੈ, ਓਥੇ ਮੌਕੇ ‘ਤੇ ਸਪਰੇਅ ਕਰਕੇ ਲਾਰਵਾ ਨਸ਼ਟ ਕਰਵਾ ਦਿੱਤਾ  ਜਾਂਦਾ ਹੈ।
ਬਰਨਾਲਾ ਸ਼ਹਿਰ ‘ਚ ਸਿਹਤ ਕਰਮਚਾਰੀ ਗਣੇਸ਼ ਦੱਤ, ਮਨਪ੍ਰੀਤ ਸ਼ਰਮਾ , ਜਸਵਿੰਦਰ ਸਿੰਘ , ਕਰਮਵੀਰ ਸਿੰਘ , ਸੁਖਵਿੰਦਰ ਸਿੰਘ  ਅਤੇ ਗੁਲਾਬ ਸਿੰਘ ਇਨਸੈਕਟ ਕੁਲੈਕਟਰ ਵੱਲੋਂ ਟੀਮਾਂ ਬਣਾ ਕੇ ਡੇਂਗੂ ਦਾ ਲਾਰਵਾ ਨਸ਼ਟ ਕਰਵਾਇਆ ਜਾ ਰਿਹਾ ਹੈ ਅਤੇ ਬਚਾਅ ਲਈ ਜਾਗਰੂਕਤਾ ਪੈਂਫਲੈਟ ਵੰਡੇ ਜਾ ਰਹੇ ਹਨ।
ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ “ਹਰ ਸ਼ੁੱਕਰਵਾਰ – ਡੇਂਗੂ ‘ਤੇ ਵਾਰ”  ਥੀਮ ਤਹਿਤ  ਪਾਣੀ ਖੜਨ ਵਾਲੀਆਂ ਥਾਵਾਂ ਨੂੰ ਸੁਕਾ ਕੇ ਡੇਂਗੂ ਤੋਂ ਬਚਾਅ ਕੀਤਾ ਜਾ ਸਕਦਾ ਹੈ ਅਤੇ ਡੇਂਗੂ ਸਬੰਧੀ ਗਰੁੱਪ ਮੀਟਿੰਗਾਂ, ਪ੍ਰੈਸ ਕਵਰੇਜ ਅਤੇ ਪੈਂਫਲੈਟ ,ਪੋਸਟਰ ਵੰਡ ਕੇ ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

Scroll to Top