ਪੁਲਿਸ ਅਤੇ ਬੀ.ਐਸ.ਐਫ਼ ਦੇ ਜਵਾਨਾਂ ਨੇ ਕੱਢਿਆ ਫਲੈਗ ਮਾਰਚ

ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਬਜ਼ਾਰਾਂ ਵਿੱਚ ਕੀਤਾ ਗਿਆ ਮਾਰਚ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 11 ਅਗਸਤ:2022
    ਅੱਜ ਰੱਖੜੀ ਦੇ ਤਿਓਹਾਰ ਅਤੇ 15 ਅਗਸਤ ਨੂੰ ਮਨਾਏ ਜਾਣ ਵਾਲੇ ਦੇਸ਼ ਦੇ ਆਜ਼ਾਦੀ ਜਸ਼ਨਾਂ ਦੇ ਸਬੰਧ ਵਿੱਚ ਜ਼ਿਲਾ ਪੁਲਿਸ ਵੱਲੋਂ ਪੈਰਾ ਮਿਲਟਰੀ ਦੇ ਜਵਾਨਾਂ ਸਮੇਤ ਅੱਜ ਸੰਗਰੂਰ ਸ਼ਹਿਰ ਵਿੱਚ ਫਲੈਗ ਮਾਰਚ ਕਰਕੇ ਲੋਕਾਂ ਵਿੱਚ ਸੁਰੱਖਿਆ ਤੇ ਅਮਨ ਕਾਨੂੰਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਗਿਆ। ਇਸ ਫਲੈਗ ਮਾਰਚ ਦੀ ਅਗਵਾਈ ਐਸ.ਐਸ.ਪੀ ਸੰਗਰੂਰ ਸ਼੍ਰੀ ਮਨਦੀਪ ਸਿੰਘ ਸਿੱਧੂ ਨੇ ਕੀਤੀ।
ਇਸ ਮੌਕੇ ਐਸ.ਐਸ.ਪੀ ਸ਼੍ਰੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲਾ ਪੁਲਿਸ ਵੱਲੋਂ ਸੰਗਰੂਰ ਤੋਂ ਇਲਾਵਾ ਵੱਖ ਵੱਖ ਸਬ ਡਵੀਜ਼ਨਾਂ ਵਿੱਚ ਵੀ ਬਾਰਡਰ ਸਕਿਓਰਟੀ ਫੋਰਸ ਦੇ ਜਵਾਨਾਂ ਸਮੇਤ ਫਲੈਗ ਮਾਰਚ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲੇ ਵਿੱਚ ਹੋਟਲਾਂ, ਰੈਸਟੋਰੈਂਟਾਂ, ਧਰਮਸ਼ਾਲਾਵਾਂ ਤੇ ਹੋਰ ਜਨਤਕ ਸਥਾਨਾਂ ’ਤੇ ਲਗਾਤਾਰ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ । ਐਸ.ਐਸ.ਪੀ ਨੇ ਕਿਹਾ ਕਿ ਬਜ਼ਾਰਾਂ ਵਿੱਚ ਫਲੈਗ ਮਾਰਚ ਦਾ ਮਕਸਦ ਲੋਕਾਂ ਵਿੱਚ ਇਸ ਗੱਲ ਦੀ ਵੀ ਭਾਵਨਾ ਪੈਦਾ ਕਰਨਾ ਹੈ ਕਿ ਪੁਲਿਸ ਤੇ ਸੁਰੱਖਿਆ ਬਲ ਉਨਾਂ ਦੀ ਹਿਫਾਜ਼ਤ ਲਈ ਪੂਰੀ ਤਰਾਂ ਮੁਸਤੈਦ ਹਨ ਅਤੇ ਲੋਕਾਂ ਦਾ ਵੀ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਆਪਣੇ ਆਲੇ ਦੁਆਲੇ ਪੂਰੀ ਚੌਕਸੀ ਵਰਤਣ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਜ਼ਿਲੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਦੀ ਹਿੰਮਤ ਨਾ ਕਰ ਸਕੇ। 

Scroll to Top