ਬਰਨਾਲਾ ਜਿਲ੍ਹੇ ‘ਚ ਬਣਨਗੇ 12 ਹੋਰ ਆਮ ਆਦਮੀ ਕਲੀਨਿਕ !

ਜ਼ਿਲ੍ਹੇ ‘ਚ 12 ਹੋਰ ਆਮ ਆਦ‍ਮੀ ਕਲੀਨਿਕਾਂ ਦੀ ਸਹੂਲਤ ਛੇਤੀ-ਮੀਤ ਹੇਅਰ

ਕੈਬਨਿਟ ਮੰਤਰੀ ਨੇ ਕੀਤਾ ਪਿੰਡ ਸੇਖਾ ਦਾ ਦੌਰਾ

ਥਾਪਰ ਮਾਡਲ ਤੇ ਸਰਕਾਰੀ ਸਕੂਲ ‘ਚ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੀ ਸਮੀਖਿਆ
ਹਰਿੰਦਰ ਨਿੱਕਾ , ਬਰਨਾਲਾ, 5  ਦਸੰਬਰ 2022
ਖੇਡ ਅਤੇ ਉਚੇਰੀ ਸਿੱਖਿਆ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਪਿੰਡ ਸੇਖਾ ਦਾ ਦੌਰਾ ਕੀਤਾ । ਜਿੱਥੇ ਉਨ੍ਹਾਂ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਪਿੰਡ ‘ਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿੰਡ ਸੇਖਾ ਸਣੇ ਜ਼ਿਲ੍ਹਾ ਬਰਨਾਲਾ ‘ਚ 12 ਹੋਰ ਆਮ ਆਦ‍ਮੀ ਕਲੀਨਿਕਾਂ ਦੀ ਸਹੂਲਤ ਛੇਤੀ ਲੋਕਾਂ ਨੂੰ ਮਿਲੇਗੀ। ਮੰਤਰੀ ਮੀਤ ਹੇਅਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਪਹਿਲਾਂ ਸਰਕਾਰੀ ਸਕੂਲ ਨੇੜੇ ਪ੍ਰਾਇਮਰੀ ਹੈਲਥ ਸੈਂਟਰ ਦਾ ਦੌਰਾ ਕੀਤਾ । ਜਿਸ ਨੂੰ ਆਮ ਆਦਮੀ ਕਲੀਨਿਕ ਸਥਾਪਤ ਕਰਨ ਲਈ ਜਗ੍ਹਾ ਵਜੋਂ ਚੁਣਿਆ ਗਿਆ ਸੀ, ਪਰ ਪਿੰਡ ਵਾਸੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਸੇਖਾ ਵਿਖੇ ਕਲੀਨਿਕ ਸਥਾਪਤ ਕਰਨ ਲਈ ਸੇਵਾ ਕੇਂਦਰ ਦੀ ਇਮਾਰਤ ਦੀ ਸ਼ਨਾਖਤ ਕੀਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਬਹੁਤੀਆਂ ਥਾਵਾਂ ’ਤੇ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਆਮ ਆਦਮੀ ਕਲੀਨਿਕਾਂ ਵਜੋਂ ਸਥਾਪਿਤ ਕੀਤਾ ਜਾਵੇਗਾ, ਪਰ ਜਿੱਥੇ ਇਹ ਤਜਵੀਜ਼ ਸੁਖਾਵੀਂ ਨਹੀਂ ਹੈ, ਉਥੇ ਹੋਰਨਾਂ ਇਮਾਰਤਾਂ ਦੀ ਜਲਦ ਸ਼ਨਾਖ਼ਤ ਕੀਤੀ ਜਾਵੇ। ਉਨ੍ਹਾਂ ਆਮ ਆਦਮੀ ਕਲੀਨਿਕਾਂ ਸਬੰਧੀ ਐਸਟੀਮੇਟ ਤਿਆਰ ਕਰਨ ਅਤੇ ਦਿਵਿਆਂਗਜਨ ਮਰੀਜ਼ਾਂ ਲਈ ਵਿਸ਼ੇਸ਼ ਸਹੂਲਤਾਂ ਦੇ ਪ੍ਰਬੰਧ ਦੇ ਨਿਰਦੇਸ਼ ਦਿੱਤੇ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ 12 ਹੋਰ ਆਮ ਆਦਮੀ ਕਲੀਨਿਕ ,ਪ੍ਰੇਮ ਨਗਰ ਬਰਨਾਲਾ, ਸੰਧੂ ਪੱਤੀ ਬਰਨਾਲਾ, ਪਿੰਡ ਭੱਠਲਾਂ, ਹਮੀਦੀ, ਸੇਖਾ, ਠੀਕਰੀਵਾਲਾ, ਰੂੜੇਕੇ ਕਲਾਂ, ਛਾਪਾ, ਗਹਿਲਾਂ, ਢਿੱਲਵਾਂ, ਸਹਿਣਾ ਤੇ ਟੱਲੇਵਾਲ ਵਿਖੇ ਸਥਾਪਿਤ ਹੋਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਪਰਮਵੀਰ ਸਿੰਘ, ਐਸਡੀਐਮ ਗੋਪਾਲ ਸਿੰਘ, ਸਿਵਲ ਸਰਜਨ ਸ. ਜਸਬੀਰ ਔਲਖ ਤੇ ਹੋਰ ਅਧਿਕਾਰੀ ਹਾਜ਼ਰ ਸਨ।


ਇਸ ਮਗਰੋੰ ਪਿੰਡ ਦੇ ਛੱਪੜ ਦਾ ਦੌਰਾ ਕੀਤਾ ਤੇ ਮੀਤ ਹੇਅਰ ਨੇ ਕਿਹਾ ਕਿ ਤਰਲ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਥਾਪਰ ਮਾਡਲ ਆਧਾਰਿਤ ਪ੍ਰਾਜੈਕਟ ਦੇ ਨਿਰਮਾਣ ਲਈ 29 ਲੱਖ ਰੁਪਏ ਦਾ ਪ੍ਰਸਤਾਵ ਪਹਿਲਾਂ ਹੀ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ। ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਜਲਦੀ ਹੀ ਇਸ ਪ੍ਰਾਜੈਕਟ ‘ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਾ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ 27 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਨਵੇਂ ਕਮਰਿਆਂ ਦੀ ਉਸਾਰੀ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਸਕੂਲ ਪ੍ਰਬੰਧਕਾਂ ਅਤੇ ਪਿੰਡ ਦੀ ਪੰਚਾਇਤ ਨੂੰ ਭਰੋਸਾ ਦਿੱਤਾ ਕਿ ਕਮਰਿਆਂ ਦੀ ਉਸਾਰੀ ਲਈ ਗਰਾਂਟ ਛੇਤੀ ਮਨਜ਼ੂਰ ਕਰਵਾਈ ਜਾਵੇਗੀ। ਇਸ ਮੌਕੇ ਏ.ਡੀ.ਸੀ (ਵਿਕਾਸ) ਸ. ਪਰਮਵੀਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਕੈਬਨਿਟ ਮੰਤਰੀ ਵੱਲੋਂ ਪੁਲੀਸ ਵਿਭਾਗ ਨਾਲ ਮੀਟਿੰਗ
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅੱਜ ਇੱਥੇ ਪੁਲੀਸ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਦੇ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਗਈ ਤੇ ਜ਼ਿਲ੍ਹੇ ਦੀ ਸਮੁੱਚੀ ਅਮਨ-ਕਾਨੂੰਨ ਵਿਵਸਥਾ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਵਿਧਾਇਕ ਭਦੌੜ ਸ. ਲਾਭ ਸਿੰਘ ਉਗੋਕੇ ਅਤੇ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਕੁਮਾਰ ਮਲਿਕ ਵੀ ਹਾਜ਼ਰ ਸਨ।

Scroll to Top