ਬਰਨਾਲਾ ਸ਼ਹਿਰ ਦੇ ਚੌਕਾਂ ਤੇ ਅਹਿਮ ਥਾਵਾਂ ਦਾ ਕੀਤਾ ਜਾਵੇਗਾ ਸੁੰਦਰੀਕਰਨ: ਡੀ.ਸੀ. ਪੂਨਮਦੀਪ ਕੌਰ

ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰੀ ਵਿਕਾਸ ਦੇ ਜਾਇਜ਼ੇ ਲਈ ਅਹਿਮ ਮੀਟਿੰਗ

ਕੂੜਾ ਪ੍ਰਬੰਧਨ, ਸੀਵਰੇਜ, ਸਾਫ-ਸਫਾਈ, ਸਟਰੀਟ ਲਾਈਟ ਸਬੰਧੀ ਦਿੱਤੀਆਂ ਹਦਾਇਤਾਂ

ਰਘਵੀਰ ਹੈਪੀ , ਬਰਨਾਲਾ, 9 ਮਾਰਚ 2023
  ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਵੱਲੋਂ ਜ਼ਿਲ੍ਹੇ ਦੇ ਨਗਰ ਕੌਂਸਲ ਅਤੇ ਨਗਰ ਪੰਚਾਇਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸ਼ਹਿਰਾਂ ’ਚ ਵਿਕਾਸ ਸਕੀਮਾਂ ਅਤੇ ਹੋਰ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ।
 ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਦੇ ਅਹਿਮ ਚੌਕਾਂ ਦੇ ਸੁੰਦਰੀਕਰਨ ਲਈ ਮੁਹਿੰਮ ਛੇਤੀ ਚਲਾਈ ਜਾਣੀ ਹੈ, ਇਸ ਸਬੰਧੀ ਉਨ੍ਹਾਂ ਕਾਰਜਸਾਧਕ ਅਫਸਰ ਬਰਨਾਲਾ ਨੂੰ ਜ਼ਰੂਰੀ ਨਿਰਦੇਸ਼ ਦਿੱਤੇ। ਉਨ੍ਹਾਂ ਸ਼ਹਿਰ ਦੀਆਂ ਸਟਰੀਟ ਲਾਈਟਾਂ, ਪਾਰਕਾਂ ਦੀ ਸਫਾਈ, ਸੀਵਰੇਜ ਟਰੀਟਮੈਂਟ ਪਲਾਂਟ, ਕੂੜਾ ਪ੍ਰਬੰਧਨ, ਜਨਤਕ ਪਖ਼ਾਨਿਆਂ ਦੀ ਸਫਾਈ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ।ਉਨ੍ਹਾਂ ਕਿਹਾ ਕਿ ਫਲਾਈਓਵਰ ’ਤੇ ਲਾਈਟਾਂ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਹਾਦਸਿਆਂ ਤੋਂ ਬਚਾਅ ਰਹੇ। ਇਸ ਮੌਕੇ ਉਨ੍ਹਾਂ ਬਰਨਾਲਾ ਅਨਾਜ ਮੰਡੀ ਦੇ ਸਫਾਈ ਪ੍ਰਬੰਧਾਂ ਤੋਂ ਇਲਾਵਾ ਰੇਹੜੀਆਂ-ਫੜੀਆਂ ਵਾਸਤੇ ਵੱਖਰੀ ਜਗ੍ਹਾ ਵਾਸਤੇ ਸੁਝਾਅ ਲਏ। ਉਨ੍ਹਾਂ ਧਨੌਲਾ ’ਚ ਸੀਵਰੇਜ ਦੀ ਸਫਾਈ ਦਾ ਵੀ ਜਾਇਜ਼ਾ ਲਿਆ। ਇਸੇ ਤਰ੍ਹਾਂ ਹੰਡਿਆਇਆ ’ਚ ਸੀਵਰੇਜ, ਤਪਾ, ਭਦੌੜ ਆਦਿ ਦੇ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਲਵਜੀਤ ਕੌਰ ਕਲਸੀ, ਨਗਰ ਕੌਂਸਲਾਂ ਦੇ ਕਾਰਜਸਾਧਕ ਅਫਸਰ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।  
 

Scroll to Top