BKU EKTA ਡਕੌਂਦਾ ਵੱਲੋਂ 1158 ਸਹਾਇਕ ਪ੍ਰੋਫੈਸਰਾਂ/ ਲਾਇਬ੍ਰੇਰੀਅਨਾਂ ਤੇ ਲਾਠੀਚਾਰਜ ਦੀ ਸਖਤ ਨਿੰਦਾ

ਰਘਵੀਰ ਹੈਪੀ , ਬਰਨਾਲਾ 20 ਸਤੰਬਰ 2022

     ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਉਚੇਰੀ ਸਿੱਖਿਆ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਵੱਲ ਪ੍ਰਦਰਸ਼ਨ ਕਰਦੇ ਸਹਾਇਕ ਪਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਉੱਪਰ ਪੁਲਿਸ ਵੱਲੋਂ ਲਾਠੀਚਾਰਜ ਕਰਕੇ, ਅੰਨ੍ਹਾ ਤਸ਼ੱਦਦ ਢਾਹੁਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਬੀਕੇਯੂ ਏਕਤਾ ਡਕੌਂਦਾ ਇਨ੍ਹਾਂ ਉੱਚ ਸਿੱਖਿਆ ਪ੍ਰਾਪਤ ਪ੍ਰੋਫੈਸਰਾਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕਰਦਾ ਹੈ । ਮੀਡੀਆ ਨੂੰ ਬਿਆਨ ਜ਼ਾਰੀ ਕਰਦਿਆਂ ਮਨਜੀਤ ਧਨੇਰ ਅਤੇ ਰਾਮਪੁਰਾ ਨੇ ਕਿਹਾ ਕਿ ਲਾਠੀਚਾਰਜ ਕਰਕੇ ਵੀ ਸੰਘਰਸ਼ ਨੂੰ ਨਹੀਂ ਦਬਾਇਆ ਜਾ ਸਕੇਗਾ। ਆਗੂਆਂ ਨੇ ਕਿਹਾ ਕਿ ਲੋਕਾਂ ਅੰਦਰ ‘ਬਦਲਾਅ’ ਦਾ ਭਰਮ ਪੈਦਾ ਕਰਕੇ ਸੱਤਾ ‘ਚ ਆਈ ਆਮ ਆਦਮੀ ਪਾਰਟੀ ਹੁਣ ਆਪਣੇ ਵਾਅਦੇ ਪੂਰੇ ਕਰਨ ਤੋਂ ਭੱਜ ਰਹੀ ਹੈ, ਸਰਕਾਰ ਸੰਘਰਸ਼ ਕਰਦੇ ਲੋਕਾਂ ਨੂੰ ਜ਼ਬਰ ਰਾਹੀਂ ਦਬਾਉਣਾ ਚਾਹੁੰਦੀ ਹੈ।                ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਸੰਘਰਸ਼ਸ਼ੀਲ ਨੌਜਵਾਨਾਂ ‘ਤੇ ਲਾਠੀਚਾਰਜ਼ ਕਰਨਾ ਕੋਈ ਪਹਿਲਾ ਮੌਕਾ ਨਹੀਂ ਹੈ, ਸੰਘਰਸ਼ਸ਼ੀਲ ਲੋਕਾਂ ਨੇ ਸਰਕਾਰਾਂ ਨੂੰ ਆਪਣੇ ਲੋਕ ਵਿਰੋਧੀ ਫੈਸਲਿਆਂ ਨੂੰ ਇੱਕ ਵਾਰ ਨਹੀਂ ਅਨੇਕਾਂ ਵਾਰ ਥੁੱਕ ਕੇ ਚੱਟਣ ਲਈ ਮਜ਼ਬੂਰ ਕੀਤਾ ਹੈ। ਧਨੇਰ ਅਤੇ ਰਾਮਪੁਰਾ ਨੇ ਪੰਜਾਬ ਸਰਕਾਰ ਨੂੰ  ਸਖਤ ਸ਼ਬਦਾਂ ‘ਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਲੋਕਾਂ ਦਾ ਕੁਰਬਾਨੀਆਂ ਭਰਿਆ ਕੰਧ’ਤੇ ਲਿਖਿਆ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਹੱਕ ਮੰਗਦੇ ਲੋਕਾਂ ਦੇ ਸੰਘਰਸ਼ਾਂ ਨੂੰ ਜਾਬਰ ਹੱਥਕੰਡਿਆਂ ਰਾਹੀਂ ਰੋਕਣਾ ਮਹਿੰਗਾ ਪੈਂਦਾ ਰਿਹਾ ਹੈ। ਇਸ ਦੀ ਸਿਆਸੀ ਕੀਮਤ ਵੀ ਤਾਰਨੀ ਪੈਂਦੀ ਰਹੀ ਹੈ, ਹੁਣ ਵੀ ਸੰਘਰਸ਼ ਕਰਦੇ ਲੋਕ ਰੁਕਣਗੇ ਨਹੀਂ, ਸਗੋਂ ਹਕੂਮਤੀ ਜਬਰ ਸੰਘਰਸ਼ਸ਼ੀਲ ਕਾਫ਼ਲਿਆਂ ਦੀ ਖੁਰਾਕ ਬਣੇਗਾ ਅਤੇ ਸੰਘਰਸ਼ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਹੋਰ ਵੱਧ ਤਿੱਖਾ ਅਤੇ ਵਿਸ਼ਾਲ ਹੋਵੇਗਾ। ਅਖੀਰ ਜਿੱਤ ਜੂਝਣ ਵਾਲੇ ਕਾਫ਼ਲਿਆਂ ਦੀ ਹੀ ਹੋਵੇਗੀ।

Scroll to Top